ਡੰਕੀ ਉਡਾਣ: 200 ਭਾਰਤੀਆਂ ਵਾਲਾ ਜਹਾਜ਼ ਜਮਾਇਕਾ ਤੋਂ ਵਾਪਸ ਭੇਜਿਆ

ਡੰਕੀ ਉਡਾਣ: 200 ਭਾਰਤੀਆਂ ਵਾਲਾ ਜਹਾਜ਼ ਜਮਾਇਕਾ ਤੋਂ ਵਾਪਸ ਭੇਜਿਆ

ਨਵੀਂ ਦਿੱਲੀ- ਇਮੀਗ੍ਰੇਸ਼ਨ ਅਧਿਕਾਰੀਆਂ ਨੇ ਦੁਬਈ ਤੋਂ ਚਾਰਟਰਡ ਉਡਾਣ ਰਾਹੀਂ ਜਮਾਇਕਾ ਪੁੱਜੇ 200 ਤੋਂ ਵੱਧ ਭਾਰਤੀਆਂ ਨੂੰ ਵਾਪਸ ਭੇਜ ਦਿੱਤਾ ਹੈ। ਜਮਾਇਕਾ ਦੇ ਪੰਜ ਦਿਨਾ ਟੂਰ ’ਤੇ ਆਏ ਇਨ੍ਹਾਂ ਭਾਰਤੀਆਂ ਦੇ ਦਸਤਾਵੇਜ਼ ਚੈੱਕ ਕਰਨ ਮੌਕੇ ਅਧਿਕਾਰੀਆਂ ਨੂੰ ਜਦੋਂ ਤਸੱਲੀ ਹੋ ਗਈ ਕਿ ਇਹ ਟੂਰਿਸਟ ਨਹੀਂ ਹਨ ਤਾਂ ਉਨ੍ਹਾਂ ਯਾਤਰੀਆਂ ਸਣੇ ਜਹਾਜ਼ ਮੋੜ ਦਿੱਤਾ। ਇਸ ਘਟਨਾ ਨੇ ਪਿਛਲੇ ਸਾਲ ਫਰਾਂਸ ਵਿਚ ਘਟੀ ਮਿਲਦੀ ਜੁਲਦੀ ਘਟਨਾ ਚੇਤੇ ਕਰਵਾ ਦਿੱਤੀ। ਜਮਾਇਕਾ ਦੇ ‘ਦਿ ਗਲੀਨਰ ਬਰੌਡਸ਼ੀਟ’ ਵਿਚ ਛਪੀ ਰਿਪੋਰਟ ਮੁਤਾਬਕ, ‘‘ਆਲਮੀ ਪੱਧਰ ’ਤੇ ਭਾਰਤੀ ਨਾਗਰਿਕਾਂ ’ਤੇ ਨਿਗਰਾਨੀ ਰੱਖੀ ਜਾਂਦੀ ਹੈ, ਉਨ੍ਹਾਂ ਦੇ ਜੋਖ਼ਮ ਵਾਲੇ ਪ੍ਰੋਫਾਈਲ ਕਰਕੇ ਜਮਾਇਕਾ ਪੁੱਜਣ ’ਤੇ ਇਕ ਅਧਿਕਾਰੀ ਵੱਲੋਂ ਮੈਨੂਅਲੀ ਉਨ੍ਹਾਂ ਦੇ ਦਸਤਾਵੇਜ਼ ਚੈੱਕ ਕੀਤੇ ਜਾਂਦੇ ਹਨ।’’ ਸਥਾਨਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਕਿ ਭਾਰਤੀ ਨਾਗਰਿਕ, ਜਿਨ੍ਹਾਂ ਵਿਚੋਂ ਬਹੁਤੇ ਪੁਰਸ਼ ਸਨ, ਪੰਜ ਦਿਨਾ ਟੂਰ ਲਈ ਜਮਾਇਕਾ ਪੁੱਜੇ ਸਨ, ਪਰ ਜਦੋਂ ਉਨ੍ਹਾਂ ਦੇ ਕਾਗਜ਼ ਪੱਤਰ ਦੇਖੇ ਤਾਂ ਪਤਾ ਲੱਗਾ ਕਿ ਟੂਰ ਸਿਰਫ ਇਕ ਦਿਨ ਦਾ ਸੀ। ਕੁਝ ਭਾਰਤੀਆਂ ਦੇ ਯਾਤਰਾ ਦਸਤਾਵੇਜ਼ਾਂ ਵਿਚ ਵੀ ਗੜਬੜ ਸੀ। ਇਮੀਗ੍ਰੇਸ਼ਨ ਅਧਿਕਾਰੀਆਂ ਨੇ ਭਾਰਤੀ ਨਾਗਰਿਕਾਂ ਨੂੰ ਮੁਲਕ ਵਿਚ ਦਾਖ਼ਲੇ ਤੋਂ ਨਾਂਹ ਕਰ ਦਿੱਤੀ, ਪਰ ਅਥਾਰਿਟੀਜ਼ ਨੇ ਉਨ੍ਹਾਂ ਨੂੰ ਵਾਪਸ ਭੇਜਣ ਲਈ ਜ਼ਰੂਰੀ ਪ੍ਰਬੰਧ ਕੀਤੇ ਜਾਣ ਤੱਕ ਮਾਨਵੀ ਅਧਾਰ ’ਤੇ ਕਿੰਗਸਟਨ ਦੇ ਹੋਟਲ ਵਿਚ ਰੁਕਣ ਦੀ ਖੁੱਲ੍ਹ ਦਿੱਤੀ।