ਸਮੂਹਿਕ ‘ਬਿਮਾਰੀ ਛੁੱਟੀ’ ਕਾਰਨ ਏਅਰ ਇੰਡੀਆ ਐਕਸਪ੍ਰੈੱਸ ਦੀਆਂ 100 ਤੋਂ ਵੱਧ ਉਡਾਣਾਂ ਰੱਦ

ਸਮੂਹਿਕ ‘ਬਿਮਾਰੀ ਛੁੱਟੀ’ ਕਾਰਨ ਏਅਰ ਇੰਡੀਆ ਐਕਸਪ੍ਰੈੱਸ ਦੀਆਂ 100 ਤੋਂ ਵੱਧ ਉਡਾਣਾਂ ਰੱਦ

ਨਵੀਂ ਦਿੱਲੀ/ਕੋਚੀ- ਏਅਰ ਇੰਡੀਆ ਐਕਸਪ੍ਰੈੱਸ ਨੂੰ ਚਾਲਕ ਦਲ ਦੇ ਮੈਂਬਰਾਂ ਦੇ ਬਿਮਾਰ ਹੋਣ ਕਾਰਨ ਮੰਗਲਵਾਰ ਰਾਤ ਤੋਂ ਖ਼ਬਰ ਲਿਖੇ ਜਾਣ ਤੱਕ 100 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ। ਚਾਲਕ ਦਲ ਦੇ ਸੀਨੀਅਰ ਮੈਂਬਰਾਂ ਦੇ ਇਕ ਵਰਗ ਨੇ ਟਾਟਾ ਸਮੂਹ ਦੀ ਮਾਲਕੀ ਵਾਲੀ ਇਸ ਏਅਰਲਾਈਨ ਦੇ ਕਥਿਤ ਮਾੜੇ ਪ੍ਰਬੰਧਨ ਦੇ ਵਿਰੋਧ ਵਜੋਂ ਬਿਮਾਰ ਹੋਣ ਦੀ ਖ਼ਬਰ ਦਿੱਤੀ ਸੀ। ਵੱਖ-ਵੱਖ ਹਵਾਈ ਅੱਡਿਆਂ ’ਤੇ ਹਜ਼ਾਰਾਂ ਯਾਤਰੀ ਫਸ ਗਏ ਹਨ। ਜ਼ਿਆਦਾਤਰ ਖਾੜੀ ਦੇਸ਼ਾਂ ’ਚ ਜਾਣ ਵਾਲੇ ਯਾਤਰੀ ਕੇਰਲਾ ਵਿੱਚ ਹਵਾਈ ਅੱਡਿਆਂ ’ਤੇ ਫਸ ਗਏ ਅਤੇ ਉਨ੍ਹਾਂ ਉਡਾਣਾਂ ਰੱਦ ਹੋਣ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ। ਇਨ੍ਹਾਂ ਵਿੱਚੋਂ ਜ਼ਿਆਦਾਤਰ ਨੂੰ ਸਕਿਓਰਟੀ ਚੈੱਕ ਤੋਂ ਬਾਅਦ ਉਡਾਣਾਂ ਰੱਦ ਹੋਣ ਬਾਰੇ ਸੂਚਿਤ ਕੀਤਾ ਗਿਆ ਸੀ। ਕਾਂਗਰਸੀ ਆਗੂ ਕੇ.ਸੀ. ਵੇਣੂਗੋਪਾਲ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਾਦਿੱਤਿਆ ਸਿੰਧੀਆ ਨੂੰ ਲਿਖੇ ਇਕ ਪੱਤਰ ਰਾਹੀਂ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ। ਉਨ੍ਹਾਂ ਇਹ ਯਕੀਨੀ ਬਣਾਉਣ ਲਈ ਵੀ ਕਿਹਾ ਕਿ ਯਾਤਰੀ ਪ੍ਰਭਾਵਿਤ ਨਾ ਹੋਣ, ਇਸ ਸਬੰਧੀ ਤੁਰੰਤ ਕਦਮ ਉਠਾਏ ਜਾਣ। ਉਧਰ, ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਅੱਜ ਇਸ ਸਬੰਧੀ ਏਅਰ ਇੰਡੀਆ ਐਕਸਪ੍ਰੈੱਸ ਕੋਲੋਂ ਰਿਪੋਰਟ ਮੰਗੀ ਹੈ।