ਲੋਕ ਸਭਾ ਚੋਣਾਂ ਦੇ ਤੀਜੇ ਗੇੜ ’ਚ 63 ਫੀਸਦ ਮਤਦਾਨ

ਲੋਕ ਸਭਾ ਚੋਣਾਂ ਦੇ ਤੀਜੇ ਗੇੜ ’ਚ 63 ਫੀਸਦ ਮਤਦਾਨ

ਨਵੀਂ ਦਿੱਲੀ-ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ ਅੱਜ 11 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿਚ ਪੈਂਦੇ 93 ਹਲਕਿਆਂ ਲਈ ਵੋਟਾਂ ਪਈਆਂ। ਇਸ ਗੇੜ ਵਿਚ 63 ਫੀਸਦ ਤੋਂ ਵੱਧ ਪੋਲਿੰਗ ਦਰਜ ਕੀਤੀ ਗਈ ਹੈ। ਅਸਾਮ ਵਿਚ ਸਭ ਤੋਂ ਵੱਧ 77.06 ਫੀਸਦ ਤੇ ਉੱਤਰ ਪ੍ਰਦੇਸ਼ ਵਿਚ ਸਭ ਤੋਂ ਘੱਟ 57.34 ਫੀਸਦ ਪੋਲਿੰਗ ਹੋਈ ਹੈ। ਗੋਆ ਵਿਚ 75.13 ਫੀਸਦ, ਪੱਛਮੀ ਬੰਗਾਲ ਵਿਚ 73.96 ਫੀਸਦ, ਗੁਜਰਾਤ 57.62 ਫੀਸਦ, ਮਹਾਰਾਸ਼ਟਰ 61.44 ਫੀਸਦ ਤੇ ਬਿਹਾਰ ਵਿਚ 58.16 ਫੀਸਦ ਵੋਟਾਂ ਪਈਆਂ। ਪੱਛਮੀ ਬੰਗਾਲ ਵਿਚ ਹਿੰਸਾ ਦੀਆਂ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਚੋਣ ਅਮਲ ਅਮਨ-ਅਮਾਨ ਨਾਲ ਸਿਰੇ ਚੜ੍ਹ ਗਿਆ। ਇਸ ਦੌਰਾਨ ਕਰਨਾਟਕ ਤੇ ਗੁਜਰਾਤ ਵਿਚ ਚੋਣ ਡਿਊਟੀ ’ਤੇ ਤਾਇਨਾਤ ਅਮਲੇ ਵਿਚੋਂ ਤਿੰਨ ਜਣਿਆਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਯੂਪੀ ਦੇ ਮੈਨਪੁਰੀ ਹਲਕੇ ਵਿਚ ਸਮਾਜਵਾਦੀ ਪਾਰਟੀ ਆਗੂ ਅਖਿਲੇਸ਼ ਯਾਦਵ ਨੇ ‘ਚੋਣ ਬੂਥ ਲੁੱਟੇ’ ਜਾਣ ਦਾ ਦਾਅਵਾ ਕੀਤਾ। ਤੀਜੇ ਗੇੜ ਦੀ ਪੋਲਿੰਗ ਮਗਰੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਜਿਓਤਿਰਦਿੱਤਿਆ ਸਿੰਧੀਆ, ਮਨਸੁਖ ਮਾਂਡਵੀਆ, ਪ੍ਰਹਿਲਾਦ ਜੋਸ਼ੀ, ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ (ਵਿਦੀਸ਼ਾ), ਕਾਂਗਰਸ ਆਗੂ ਦਿਗਵਿਜੈ ਸਿੰਘ ਸਣੇ ਕਈ ਸਿਆਸੀ ਆਗੂਆਂ ਦੀ ਕਿਸਮਤ ਈਵੀਐੱਮਜ਼ ਵਿਚ ਬੰਦ ਹੋ ਗਈ।