ਦਿੱਲੀ ਦੀ ਅਦਾਲਤ ਵੱਲੋਂ ਬ੍ਰਿਜ ਭੂਸ਼ਣ ਖ਼ਿਲਾਫ਼ ਦੋਸ਼ ਆਇਦ ਕਰਨ ਦੇ ਹੁਕਮ

ਦਿੱਲੀ ਦੀ ਅਦਾਲਤ ਵੱਲੋਂ ਬ੍ਰਿਜ ਭੂਸ਼ਣ ਖ਼ਿਲਾਫ਼ ਦੋਸ਼ ਆਇਦ ਕਰਨ ਦੇ ਹੁਕਮ

ਨਵੀਂ ਦਿੱਲੀ- ਦੀ ਇੱਕ ਅਦਾਲਤ ਨੇ ਅੱਜ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਛੇ ਮਹਿਲਾ ਪਹਿਲਵਾਨਾਂ ਵੱਲੋਂ ਜਿਨਸੀ ਸ਼ੋਸ਼ਣ ਦੇ ਦਰਜ ਕਰਵਾਏ ਇੱਕ ਕੇਸ ਵਿੱਚ ਦੋਸ਼ ਆਇਦ ਕਰਨ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਹੈ ਕਿ ਉਸ ਦੇ ਖਿਲਾਫ ‘ਕਾਫ਼ੀ ਸਬੂਤ’ ਹਨ। ਵਧੀਕ ਮੁੱਖ ਮੈਟਰੋਪਾਲਿਟਨ ਮੈਜਿਸਟ੍ਰੇਟ (ਏਸੀਐਮਐਮ) ਪ੍ਰਿਯੰਕਾ ਰਾਜਪੂਤ ਨੇ ਕਈ ਵਾਰ ਲੋਕ ਸਭਾ ਮੈਂਬਰ ਰਹੇ ਸਿੰਘ ਖ਼ਿਲਾਫ਼ ਧਾਰਾ 354, 354ਏ ਅਤੇ 506 ਤਹਿਤ ਦੋਸ਼ ਆਇਦ ਕਰਨ ਦਾ ਹੁਕਮ ਦਿੱਤਾ ਹੈ। ਜੱਜ ਨੇ ਕਿਹਾ, ‘ਦੋਸ਼ੀ ਖਿਲਾਫ ਦੋਸ਼ ਤੈਅ ਕਰਨ ਲਈ ਕਾਫੀ ਸਬੂਤ ਹਨ। ਅਦਾਲਤ ਨੇ ਹਾਲਾਂਕਿ ਸਿੰਘ ਨੂੰ ਛੇ ਮਹਿਲਾ ਪਹਿਲਵਾਨਾਂ ਵਿੱਚੋਂ ਇੱਕ ਵੱਲੋਂ ਦਾਇਰ ਸ਼ਿਕਾਇਤ ਵਿੱਚ ਪੁਖਤਾ ਸਬੂਤਾਂ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਬਰੀ ਕਰ ਦਿੱਤਾ ਹੈ।ਅਦਾਲਤ ਰਸਮੀ ਤੌਰ ’ਤੇ 21 ਮਈ ਨੂੰ ਦੋਸ਼ ਤੈਅ ਕਰੇਗੀ। ਇਸ ਮਾਮਲੇ ’ਚ ਸਹਿ ਦੋਸ਼ੀ ਅਤੇ ਫੈਡਰੇਸ਼ਨ ਦੇ ਸਾਬਕਾ ਸਹਾਇਕ ਸਕੱਤਰ ਵਿਨੋਦ ਤੋਮਰ ਵਿਰੁੱਧ ਦੋਸ਼ ਤੈਅ ਕਰਨ ਦਾ ਹੁਕਮ ਵੀ ਦਿੱਤਾ ਗਿਆ ਹੈ।ਨਵੀਂ ਦਿੱਲੀ: ਸਟਾਰ ਪਹਿਲਵਾਨ ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਨੇ ਭਾਰਤੀ ਕੁਸ਼ਤੀ ਸੰਘ ਦੇ ਸਾਬਕਾ ਮੁਖੀ ਬ੍ਰਿਜ ਭੂਸ਼ਣ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ ਆਇਦ ਕਰਨ ਦੇ ਦਿੱਲੀ ਅਦਾਲਤ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਇਸ ਨੂੰ ਦੇਸ਼ ਦੀਆਂ ਮਹਿਲਾ ਪਹਿਲਵਾਨਾਂ ਦੀ ਵੱਡੀ ਜਿੱਤ ਕਰਾਰ ਦਿੱਤਾ। ਸਿੰਘ ਦੇ ਵਿਰੋਧ ’ਚ ਮੋਹਰੀ ਚਿਹਰਿਆਂ ’ਚੋਂ ਇਕ ਟੋਕੀਓ ਓਲੰਪਿਕ ਕਾਂਸੀ ਤਮਗਾ ਜੇਤੂ ਬਜਰੰਗ ਨੇ ‘ਐਕਸ’ ’ਤੇ ਲਿਖਿਆ, ‘‘ਇਹ ਮਹਿਲਾ ਪਹਿਲਵਾਨਾਂ ਦੇ ਸੰਘਰਸ਼ ਦੀ ਵੱਡੀ ਜਿੱਤ ਹੈ।’’ ‘‘ਦੇਸ਼ ਦੀਆਂ ਧੀਆਂ ਨੂੰ ਅਜਿਹੇ ਔਖੇ ਦੌਰ ਵਿੱਚੋਂ ਗੁਜ਼ਰਨਾ ਪਿਆ ਹੈ, ਪਰ ਇਸ ਫੈਸਲੇ ਨਾਲ ਰਾਹਤ ਮਿਲੇਗੀ। ਮਹਿਲਾ ਪਹਿਲਵਾਨਾਂ ਨੂੰ ਟ੍ਰੋਲ ਕਰਨ ਵਾਲਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ। ਸਤਿਆਮੇਵ ਜਯਤੇ।’’ ਰੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਮਲਿਕ ਨੇ ਪਿਛਲੇ ਸਾਲ ਦਸੰਬਰ ਵਿੱਚ ਸੰਨਿਆਸ ਲੈ ਲਿਆ ਸੀ। -ਪੀਟੀਆਈ