ਉੱਘੇ ਵਕੀਲ ਪਰਮਜੀਤ ਸਿੰਘ ਪਟਵਾਲੀਆ ਦਿ ਟ੍ਰਿਬਿਊਨ ਟਰੱਸਟ ਵਿੱਚ ਸ਼ਾਮਲ

ਉੱਘੇ ਵਕੀਲ ਪਰਮਜੀਤ ਸਿੰਘ ਪਟਵਾਲੀਆ ਦਿ ਟ੍ਰਿਬਿਊਨ ਟਰੱਸਟ ਵਿੱਚ ਸ਼ਾਮਲ

ਚੰਡੀਗੜ੍ਹ - ਪਿਛਲੇ 37 ਸਾਲਾਂ ਤੋਂ ਕਾਨੂੰਨ ਦੇ ਖੇਤਰ ਦੀ ਨਾਮਵਰ ਹਸਤੀ ਪਰਮਜੀਤ ਸਿੰਘ ਪਟਵਾਲੀਆ ‘ਦਿ ਟ੍ਰਿਬਿਊਨ ਟਰੱਸਟ’ ਦੇ ਨਵੇਂ ਮੈਂਬਰ ਹੋਣਗੇ। ਪੰਜਾਬ ਯੂਨੀਵਰਸਿਟੀ ਤੋਂ ਬੈਚਲਰ ਆਫ ਲਾਅ (ਐੱਲਐੱਲਬੀ) ਪਟਵਾਲੀਆ ਨੇ ਭਾਰਤ ਦੇ ਵਧੀਕ ਸੌਲੀਸਿਟਰ ਜਨਰਲ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਕਈ ਕੇਸਾਂ ਵਿਚ ਭਾਰਤ ਸਰਕਾਰ ਦੀ ਨੁਮਾਇੰਦਗੀ ਕੀਤੀ ਤੇ ਕਈ ਭਖਦੇ ਮਸਲਿਆਂ ’ਤੇ ਸਰਕਾਰ ਨੂੰ ਸਲਾਹ ਵੀ ਦਿੱਤੀ। ਪਟਵਾਲੀਆ ਨੇ 1987 ਵਿਚ ਐੱਲਐੱਲਬੀ ਦੀ ਡਿਗਰੀ ਕਰਨ ਮਗਰੋਂ ਉਸੇ ਸਾਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਐਡਵੋਕੇਟ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਸਿਵਲ, ਸਰਵਿਸ, ਸਿੱਖਿਆ, ਟੈਕਸ ਤੇ ਕਾਰਪੋਰੇਟ ਕਾਨੂੰਨਾਂ ’ਚ ਪ੍ਰੈਕਟਿਸ ਕਰ ਕੇ ਵੱਡਾ ਤਜਰਬਾ ਹਾਸਲ ਕੀਤਾ। ਉਹ 2006 ਵਿਚ 42 ਸਾਲ ਦੀ ਉਮਰ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਜੱਜ ਬਣੇ। ਉਹ ਦੇਸ਼ ਦੇ ਸਭ ਤੋਂ ਛੋਟੀ ਉਮਰ ਦੇ ਹਾਈ ਕੋਰਟ ਜੱਜ ਰਹੇ, ਪਰ ਉਸੇ ਸਾਲ ਦਸੰਬਰ ਵਿਚ ਉਨ੍ਹਾਂ ਭਾਰਤ ਦੀ ਸੁਪਰੀਮ ਕੋਰਟ ਵਿਚ ਸੀਨੀਅਰ ਐਡਵੋਕੇਟ ਵਜੋਂ ਆਪਣੀ ਪ੍ਰੈਕਟਿਸ ਸ਼ੁਰੂ ਕਰਨ ਲਈ ਅਸਤੀਫ਼ਾ ਦੇ ਦਿੱਤਾ। ਪਟਵਾਲੀਆ ਨੇ ਵਿਸ਼ਵ ਭਰ ਵਿਚ ਕੌਮਾਂਤਰੀ ਲਾਅ ਸੈਮੀਨਾਰਾਂ ਤੇ ਕਾਨਫਰੰਸਾਂ ਦੌਰਾਨ ਕਈ ਪੇਪਰ ਪੜ੍ਹੇ। ਉਨ੍ਹਾਂ 2017 ਵਿਚ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿਚ ਮਨੁੱਖੀ ਅਧਿਕਾਰਾਂ ਬਾਰੇ ਕੌਂਸਲ ਦੇ 27ਵੇਂ ਸੈਸ਼ਨ ਵਿਚ ਭਾਰਤ ਤੋਂ ਡੈਲੀਗੇਟ ਵਜੋਂ ਸ਼ਮੂਲੀਅਤ ਕੀਤੀ। ਸਾਲ 2019 ਵਿਚ ਲਿਵਿੰਗਸਟੋਨ, ਜ਼ਾਂਬੀਆ ਵਿਚ ਕਾਮਨਵੈਲਥ ਲਾਅ ਕਾਨਫਰੰਸ ਦੌਰਾਨ ‘ਦਿ ਪ੍ਰੋਸੈੱਸ ਆਫ਼ ਜੁਡੀਸ਼ੀਅਲ ਐਪੁਆਇੰਟਮੈਂਟ, ਡਿਵੈਲਪਮੈਂਟਸ ਐਂਡ ਟਰਾਂਸਪੇਰੈਂਸੀ ਇਨ ਕਾਮਨਵੈਲਥ ਨੇਸ਼ਨਜ਼’ ਉੱਤੇ ਪੇਪਰ ਪੜ੍ਹਿਆ। ਉੱਘੇ ਵਕੀਲ ਪਟਵਾਲੀਆ, ਦਿ ਟ੍ਰਿਬਿਊਨ ਟਰੱਸਟ ਦੇ ਬੋਰਡ ਵਿਚ ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐੱਨ.ਐੱਨ.ਵੋਹਰਾ, ਜਸਟਿਸ(ਸੇਵਾਮੁਕਤ) ਐੱਸ.ਐੱਸ.ਸੋਢੀ, ਲੈਫਟੀਨੈਂਟ ਜਨਰਲ(ਸੇਵਾਮੁਕਤ) ਐੱਸ.ਐੱਸ.ਮਹਿਤਾ ਤੇ ਗੁਰਬਚਨ ਜਗਤ ਨਾਲ ਮਿਲ ਕੇ ਕੰਮ ਕਰਨਗੇ।