ਬਠਿੰਡਾ-ਸੰਗਰੂਰ ਜ਼ਿਲ੍ਹੇ ਲਈ ਫ਼ਸਲੀ ਮੁਆਵਜ਼ੇ ਨੂੰ ਹਰੀ ਝੰਡੀ

ਬਠਿੰਡਾ-ਸੰਗਰੂਰ ਜ਼ਿਲ੍ਹੇ ਲਈ ਫ਼ਸਲੀ ਮੁਆਵਜ਼ੇ ਨੂੰ ਹਰੀ ਝੰਡੀ

ਚੰਡੀਗੜ੍ਹ (ਪੰਜਾਬੀ ਰਾਈਟਰ)- ਪੰਜਾਬ ਸਰਕਾਰ ਨੇ ਭਾਰਤੀ ਚੋਣ ਕਮਿਸ਼ਨ ਦੀ ਹਰੀ ਝੰਡੀ ਮਿਲਣ ਉਪਰੰਤ ਬਠਿੰਡਾ ਤੇ ਸੰਗਰੂਰ ਜ਼ਿਲ੍ਹੇ ਵਿੱਚ ਕੁਦਰਤੀ ਆਫ਼ਤਾਂ ਨਾਲ ਹੋਏ ਨੁਕਸਾਨ ਦੀ ਪੂਰਤੀ ਲਈ ਕਰੀਬ 16 ਕਰੋੜ ਰੁਪਏ ਦੀ ਮੁਆਵਜ਼ਾ ਰਕਮ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸੰਗਰੂਰ ਜ਼ਿਲ੍ਹੇ ਲਈ ਇੱਕ ਕਰੋੜ ਅਤੇ ਬਠਿੰਡਾ ਜ਼ਿਲ੍ਹੇ ਲਈ 15.10 ਕਰੋੜ ਰੁਪਏ ਦੀ ਮਨਜ਼ੂਰੀ ਦਿੱਤੀ ਗਈ ਹੈ। ਮਾਲ, ਮੁੜਵਸੇਬਾ ਤੇ ਆਫ਼ਤ ਪ੍ਰਬੰਧਨ ਵਿਭਾਗ ਨੇ ਬਠਿੰਡਾ ਦੇ ਸੰਗਰੂਰ ਦੇ ਡਿਪਟੀ ਕਮਿਸ਼ਨਰਾਂ ਨੂੰ ਮਨਜ਼ੂਰੀ ਪੱਤਰ ਭੇਜ ਦਿੱਤੇ ਹਨ। ਭਾਰਤੀ ਚੋਣ ਕਮਿਸ਼ਨ ਦੀ ਹਰੀ ਝੰਡੀ ਮਿਲਣ ਮਗਰੋਂ ਮੁਆਵਜ਼ਾ ਰਾਸ਼ੀ ਵਾਸਤੇ ਰਾਹ ਪੱਧਰਾ ਹੋ ਗਿਆ ਹੈ। ਚੇਤੇ ਰਹੇ ਕਿ ਬਠਿੰਡਾ ਸੰਸਦੀ ਹਲਕੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਕੁਦਰਤੀ ਆਫ਼ਤਾਂ ਦੀ ਮਾਰ ਨਾਲ ਹੋਏ ਫ਼ਸਲੀ ਨੁਕਸਾਨ ਦੀ ਪੂਰਤੀ ਲਈ ਸੱਤਾਧਾਰੀ ਧਿਰ ਨੂੰ ਘੇਰਿਆ ਜਾ ਰਿਹਾ ਸੀ। ਇਸ ਸੰਸਦੀ ਹਲਕੇ ਵਿੱਚ ਫ਼ਸਲੀ ਮੁਆਵਜ਼ਾ ਇੱਕ ਮੁੱਦੇ ਵਜੋਂ ਉੱਭਰ ਕੇ ਸਾਹਮਣੇ ਆਇਆ ਸੀ। ਬਠਿੰਡਾ ਤੇ ਸੰਗਰੂਰ ਹਲਕੇ ਦੇ ਡਿਪਟੀ ਕਮਿਸ਼ਨਰ ਵੱਲੋਂ ਪੰਜਾਬ ਸਰਕਾਰ ਨੂੰ ਮੁਆਵਜ਼ੇ ਦੀ ਤਜਵੀਜ਼ ਭੇਜੀ ਗਈ ਸੀ।v ਕੁਦਰਤੀ ਆਫ਼ਤਾਂ ਰਾਹਤ ਫ਼ੰਡ ਦੀ ਸੂਬਾਈ ਕਾਰਜਕਾਰਨੀ ਦੀ 38ਵੀਂ ਮੀਟਿੰਗ ਵਿੱਚ ਕਿਸਾਨਾਂ ਦੇ ਫ਼ਸਲੀ ਨੁਕਸਾਨ ਦੀ ਪੂਰਤੀ ਵਾਸਤੇ ਮੁਆਵਜ਼ੇ ਨੂੰ ਪ੍ਰਵਾਨਗੀ ਦਿੱਤੀ ਗਈ ਸੀ। ਬਠਿੰਡਾ ਜ਼ਿਲ੍ਹੇ ’ਚ ਮਾਰਚ-ਅਪਰੈਲ 2024 ਵਿਚ ਹੋਏ ਫ਼ਸਲੀ ਨੁਕਸਾਨ ਲਈ 15.10 ਕਰੋੜ ਦੀ ਰਾਸ਼ੀ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਦੋਂ ਕਿ ਸੰਗਰੂਰ ਜ਼ਿਲ੍ਹੇ ਵਿਚ ਅਕਤੂਬਰ 2021 ਵਿਚ ਮੀਂਹ ਤੇ ਗੜਿਆਂ ਨਾਲ ਹੋਏ ਫ਼ਸਲੀ ਨੁਕਸਾਨ ਲਈ 1.07 ਕਰੋੜ ਦੀ ਪ੍ਰਵਾਨਗੀ ਦਿੱਤੀ ਗਈ ਹੈ। ਪੰਜਾਬ ਸਰਕਾਰ ਨੇ ਚੋਣ ਕਮਿਸ਼ਨ ਨੂੰ ਇਹ ਕੇਸ ਪ੍ਰਵਾਨਗੀ ਲਈ ਭੇਜਿਆ ਸੀ, ਜਿਸ ਨੂੰ ਚੋਣ ਕਮਿਸ਼ਨ ਨੇ 13 ਮਈ ਨੂੰ ਹਰੀ ਝੰਡੀ ਦੇ ਦਿੱਤੀ।