ਲੋਕ ਸਭਾ ਚੋਣਾਂ: ਚੌਥੇ ਗੇੜ ਦੀਆਂ 96 ਸੀਟਾਂ ’ਤੇ ਮਤਦਾਨ ਅੱਜ

ਲੋਕ ਸਭਾ ਚੋਣਾਂ: ਚੌਥੇ ਗੇੜ ਦੀਆਂ 96 ਸੀਟਾਂ ’ਤੇ ਮਤਦਾਨ ਅੱਜ

ਅਮਰਾਵਤੀ/ਲਖਨਊ-ਲੋਕ ਸਭਾ ਚੋਣਾਂ ਦੇ ਚੌਥੇ ਗੇੜ ਲਈ ਸੋਮਵਾਰ ਨੂੰ 10 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ 96 ਸੀਟਾਂ ’ਤੇ ਵੋਟਾਂ ਪੈਣਗੀਆਂ। ਪਹਿਲੇ ਤਿੰਨ ਗੇੜਾਂ ਦੌਰਾਨ 283 ਸੀਟਾਂ ’ਤੇ ਵੋਟਿੰਗ ਹੋ ਚੁੱਕੀ ਹੈ। ਪਹਿਲੇ ਗੇੜ ’ਚ 66.14, ਦੂਜੇ ’ਚ 66.71 ਅਤੇ ਤੀਜੇ ਗੇੜ ’ਚ 65.68 ਫ਼ੀਸਦ ਵੋਟਿੰਗ ਹੋਈ ਸੀ। ਇਨ੍ਹਾਂ 96 ਸੀਟਾਂ ’ਚੋਂ ਭਾਜਪਾ ਦੀ ਅਗਵਾਈ ਹੇਠਲੇ ਐੱਨਡੀਏ ਕੋਲ 40 ਤੋਂ ਵੱਧ ਸੀਟਾਂ ਹਨ। ਇਸ ਗੇੜ ’ਚ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ, ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਅਜੈ ਮਿਸ਼ਰਾ ਟੈਨੀ, ਟੀਐੱਮਸੀ ਦੀ ਤੇਜ਼-ਤੱਰਾਰ ਆਗੂ ਮਹੂਆ ਮੋਇਤਰਾ ਅਤੇ ਏਆਈਐੱਮਆਈਐੱਮ ਦੇ ਅਸਦ-ਉਦ-ਦੀਨ ਓਵਾਇਸੀ ਸਮੇਤ ਹੋਰ ਆਗੂਆਂ ਦੀ ਕਿਸਮਤ ਦਾ ਫ਼ੈਸਲਾ ਹੋ ਜਾਵੇਗਾ। ਇਸ ਦੇ ਨਾਲ ਆਂਧਰਾ ਪ੍ਰਦੇਸ਼ ਵਿਧਾਨ ਸਭਾ ਦੀਆਂ 175 ਸੀਟਾਂ ’ਤੇ ਵੀ ਵੋਟਿੰਗ ਹੋਵੇਗੀ ਜਿਥੇ ਹੁਕਮਰਾਨ ਵਾਈਐੱਸਆਰਸੀ, ਕਾਂਗਰਸ ਦੀ ਅਗਵਾਈ ਹੇਠਲੇ ‘ਇੰਡੀਆ’ ਗੱਠਜੋੜ ਅਤੇ ਐੱਨਡੀਏ ਵਿਚਕਾਰ ਤਿਕੋਣਾ ਮੁਕਾਬਲਾ ਹੈ। ਚੌਥੇ ਗੇੜ ’ਚ ਉੜੀਸਾ ਵਿਧਾਨ ਸਭਾ ਦੀਆਂ 28 ਸੀਟਾਂ ’ਤੇ ਵੀ ਵੋਟਾਂ ਪੈਣਗੀਆਂ। ਲੋਕ ਸਭਾ ਚੋਣਾਂ ਦੇ ਇਸ ਪੜਾਅ ’ਚ ਕੁੱਲ 1,717 ਉਮੀਦਵਾਰ ਮੈਦਾਨ ’ਚ ਹਨ ਅਤੇ 1.92 ਲੱਖ ਪੋਲਿੰਗ ਸਟੇਸ਼ਨਾਂ ’ਤੇ 19 ਲੱਖ ਤੋਂ ਜ਼ਿਆਦਾ ਚੋਣ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਸੋਮਵਾਰ ਨੂੰ ਤਿਲੰਗਾਨਾ ਦੀਆਂ ਸਾਰੀਆਂ 17 ਸੀਟਾਂ, ਆਂਧਰਾ ਪ੍ਰਦੇਸ਼ ਦੀਆਂ 25, ਉੱਤਰ ਪ੍ਰਦੇਸ਼ ਦੀਆਂ 13, ਬਿਹਾਰ ਦੀਆਂ 5, ਝਾਰਖੰਡ ਦੀਆਂ 4, ਮੱਧ ਪ੍ਰਦੇਸ਼ ਦੀਆਂ 8, ਮਹਾਰਾਸ਼ਟਰ ਦੀਆਂ 11, ਉੜੀਸਾ ਦੀਆਂ 4, ਪੱਛਮੀ ਬੰਗਾਲ ਦੀਆਂ 8 ਅਤੇ ਜੰਮੂ ਕਸ਼ਮੀਰ ਦੀ ਇਕ ਸੀਟ ’ਤੇ ਵੋਟਾਂ ਪੈਣਗੀਆਂ। ਇੰਦੌਰ ’ਚ ਕਾਂਗਰਸ ਉਮੀਦਵਾਰ ਅਕਸ਼ੈ ਬਾਮ ਵੱਲੋਂ ਆਖਰੀ ਮਿੰਟਾਂ ’ਤੇ ਨਾਮਜ਼ਦਗੀ ਕਾਗਜ਼ ਵਾਪਸ ਲੈ ਲਏ ਜਾਣ ਅਤੇ ਭਾਜਪਾ ’ਚ ਸ਼ਾਮਲ ਹੋਣ ਕਾਰਨ ਉਥੇ ਮੁਕਾਬਲਾ ਭਾਜਪਾ ਦੇ ਸ਼ੰਕਰ ਲਾਲਵਾਨੀ ਦੇ ਪੱਖ ’ਚ ਇਕਤਰਫ਼ਾ ਹੋ ਗਿਆ ਹੈ। ਕਾਂਗਰਸ ਨੇ ਇੰਦੌਰ ਦੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਨੋਟਾ ਦਾ ਬਟਨ ਦਬਾਉਣ। ਚੋਣ ਕਮਿਸ਼ਨ ਦਾ ਮੰਨਣਾ ਹੈ ਕਿ 2019 ਦੀਆਂ ਸੰਸਦੀ ਚੋਣਾਂ ਦੇ ਮੁਕਾਬਲੇ ’ਚ ਪਹਿਲੇ ਤਿੰਨ ਗੇੜਾਂ ਦੌਰਾਨ ਵੋਟਿੰਗ ਘੱਟ ਹੋਣ ਦਾ ਮੁੱਖ ਕਾਰਨ ਵਧ ਗਰਮੀ ਪੈਣਾ ਹੈ। ਮੌਸਮ ਵਿਭਾਗ ਦੀ ਪੇਸ਼ੀਨਗੋਈ ਦਾ ਹਵਾਲਾ ਦਿੰਦਿਆਂ ਚੋਣ ਕਮਿਸ਼ਨ ਨੇ ਐਤਵਾਰ ਨੂੰ ਕਿਹਾ ਕਿ ਚੌਥੇ ਗੇੜ ਦੀ ਪੋਲਿੰਗ ਦੌਰਾਨ ਗਰਮੀ ਨੂੰ ਲੈ ਕੇ ਵੱਡੀ ਚਿੰਤਾ ਨਹੀਂ ਹੈ। ਮੌਸਮ ਵਿਭਾਗ ਨੇ ਸੰਕੇਤ ਦਿੱਤੇ ਹਨ ਕਿ ਜਿਹੜੇ ਸੰਸਦੀ ਹਲਕਿਆਂ ’ਚ ਸੋਮਵਾਰ ਨੂੰ ਵੋਟਿੰਗ ਹੋਣੀ ਹੈ, ਉਥੇ ਆਮ ਤੋਂ ਘੱਟ ਤਾਪਮਾਨ ਰਹਿਣ ਦੀ ਸੰਭਾਵਨਾ ਹੈ ਅਤੇ ਇਨ੍ਹਾਂ ਇਲਾਕਿਆਂ ’ਚ ਲੂ ਵਰਗੇ ਹਾਲਾਤ ਨਹੀਂ ਹੋਣਗੇ। ਉਂਜ ਚੋਣ ਕਮਿਸ਼ਨ ਨੇ ਤਿਲੰਗਾਨਾ ਦੀਆਂ ਕੁਝ ਸੀਟਾਂ ’ਤੇ ਵੋਟਿੰਗ ਦਾ ਸਮਾਂ ਵਧਾ ਦਿੱਤਾ ਹੈ ਕਿਉਂਕਿ ਗਰਮੀ ਵੱਧ ਹੋਣ ਕਰਕੇ ਉਥੇ ਲੋਕਾਂ ਦੇ ਦੁਪਹਿਰ ਸਮੇਂ ਬਾਹਰ ਨਿਕਲਣਾ ਮੁਸ਼ਕਲ ਹੈ।