Your Advertisement
ਰੂਸੀ ਰੱਖਿਆ ਉਪਕਰਨਾਂ ’ਤੇ ਨਿਰਭਰਤਾ ਲਈ ਭਾਰਤ ਇਕੱਲਾ ਜ਼ਿੰਮੇਵਾਰ ਨਹੀਂ: ਜੈਸ਼ੰਕਰ

* ‘ਅਮਰੀਕਾ ਨੇ ਪਹਿਲਾਂ ਨਹੀਂ ਫੜਾਇਆ ਸੀ ਪੱਲਾ’

ਵਾਸ਼ਿੰਗਟਨ, 27 ਸਤੰਬਰ - ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਕਿਹਾ ਹੈ ਕਿ ਰੂਸੀ ਰੱਖਿਆ ਉਪਕਰਨਾਂ ’ਤੇ ਭਾਰਤ ਦੀ ਨਿਰਭਰਤਾ ਅਤੇ ਮਾਸਕੋ ਨਾਲ ਮਜ਼ਬੂਤ ਸਬੰਧਾਂ ਦਾ ਕਾਰਨ ਇਹ ਨਹੀਂ ਹੈ ਕਿ ਨਵੀਂ ਦਿੱਲੀ ਨੇ ਇਨ੍ਹਾਂ ਉਪਕਰਨਾਂ ਨੂੰ ਹਾਸਲ ਕਰਨ ਲਈ ਅਮਰੀਕਾ ਨਾਲ ਸੰਪਰਕ ਨਹੀਂ ਕੀਤਾ। ਜੈਸ਼ੰਕਰ ਨੇ ਭਾਰਤ ਅਤੇ ਅਮਰੀਕਾ ਮਿੱਤਰਤਾ ਪਰਿਸ਼ਦ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਭਾਰਤੀ-ਅਮਰੀਕੀਆਂ ਨੂੰ ਦੱਸਿਆ,‘‘ਦਰਅਸਲ ਸਾਡੇ ਸਬੰਧਾਂ ’ਚ ਆਇਆ ਬਦਲਾਅ ਰੱਖਿਆ ਸਹਿਯੋਗ ਦੇ ਖੇਤਰ ’ਚ ਵੀ ਹੈ ਜੋ ਸ਼ਾਇਦ 15 ਸਾਲਾਂ ’ਚ ਮੌਜੂਦਾ ਰੂਪ ’ਚ ਆਇਆ ਹੈ।’’ ਉਨ੍ਹਾਂ ਕਿਹਾ ਕਿ 1965 ਤੋਂ ਲੈ ਕੇ ਅਗਲੇ ਕਰੀਬ 40 ਸਾਲ ਤੱਕ ਭਾਰਤ ’ਚ ਅਮਰੀਕਾ ਦਾ ਕੋਈ ਰੱਖਿਆ ਉਪਕਰਨ ਨਹੀਂ ਆਇਆ ਸੀ। ਇਸੇ ਸਮੇਂ ’ਚ ਭਾਰਤ-ਸੋਵੀਅਤ, ਭਾਰਤ-ਰੂਸ ਦੇ ਸਬੰਧ ਬਹੁਤ ਮਜ਼ਬੂਤ ਹੋਏ ਸਨ। ਵਿਦੇਸ਼ ਮੰਤਰੀ ਨੇ ਕਿਹਾ,‘‘ਇਸ ਦਾ ਕਾਰਨ ਭਾਰਤ ਵੱਲੋਂ ਕੋਸ਼ਿਸ਼ਾਂ ਦੀ ਕਮੀ ਨਹੀਂ ਹੈ। ਮੈਂ ਇਸ ਦੀ ਪੁਸ਼ਟੀ ਖੁਦ ਕਰ ਸਕਦਾ ਹਾਂ। ਮੇਰੇ ਰਿਸ਼ਤੇਦਾਰ, ਪਿਤਾ, ਦਾਦੇ ਨੇ ਰੱਖਿਆ ਮੰਤਰਾਲੇ ’ਚ ਕੰਮ ਕੀਤਾ ਹੈ। ਇਸ ਲਈ ਮੈਂ ਜਾਣਦਾ ਹਾਂ ਕਿ ਅਮਰੀਕਾ ਨੂੰ ਇਹ ਸਮਝਾਉਣ ਲਈ ਇੰਨੇ ਸਾਲਾਂ ’ਚ ਕਿੰਨੀਆਂ ਕੋਸ਼ਿਸ਼ਾਂ ਕੀਤੀ ਗਈਆਂ ਕਿ ਇਕ ਮਜ਼ਬੂਤ, ਆਜ਼ਾਦ ਅਤੇ ਖੁਸ਼ਹਾਲ ਭਾਰਤ ’ਚ ਅਮਰੀਕਾ ਦਾ ਹਿੱਤ ਹੈ।’’ ਉਨ੍ਹਾਂ ਕਿਹਾ ਕਿ ਉਹ ਉਸ ਸਮੇਂ ਸਫ਼ਲ ਨਹੀਂ ਹੋਏ ਸਨ ਪਰ ਪਰਮਾਣੂ ਸਮਝੌਤੇ ਮਗਰੋਂ ਸਬੰਧਾਂ ’ਚ ਨਵਾਂ ਬਦਲਾਅ ਆਇਆ। ਉਨ੍ਹਾਂ ਕਿਹਾ ਕਿ ਸੁਰੱਖਿਆ ਸਮੇਤ ਕਈ ਹੋਰ ਖੇਤਰਾਂ ’ਚ ਵੀ ਰਲ ਕੇ ਕੰਮ ਕਰਨ ਦੀ ਸੰਭਾਵਨਾ ਹੈ। ਉਨ੍ਹਾਂ ਭਾਰਤ ਦੇ ਸਬੰਧ ’ਚ ਪੱਖਪਾਤੀ ਖ਼ਬਰਾਂ ਦੇਣ ਲਈ ‘ਦਿ ਵਾਸ਼ਿੰਗਟਨ ਪੋਸਟ’ ਸਮੇਤ ਕਈ ਪ੍ਰਮੁੱਖ ਅਮਰੀਕੀ ਮੀਡੀਆ ਘਰਾਣਿਆਂ ਨੂੰ ਕਰਾਰੇ ਹੱਥੀਂ ਲਿਆ। ਭਾਰਤ ਵਿਰੋਧੀ ਤਾਕਤਾਂ ਦੀ ਮਜ਼ਬੂਤੀ ਨਾਲ ਜੁੜੇ ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਕੁਝ ਲੋਕ ਫ਼ੈਸਲੇ ਤੈਅ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਜਿਵੇਂ ਭਾਰਤ ਆਪਣੇ ਫ਼ੈਸਲੇ ਖੁਦ ਕਰਨਾ ਸ਼ੁਰੂ ਕਰੇਗਾ, ਅਜਿਹੇ ਲੋਕਾਂ ਦੇ ਵਿਚਾਰ ਬਾਹਰ ਆਉਣਗੇ।


No Comment posted
Name*
Email(Will not be published)*
Website