Your Advertisement
ਰੂਸੀ ਫ਼ੌਜ ਵੱਲੋਂ ਲਿਸੀਚਾਂਸਕ ’ਤੇ ਕਬਜ਼ੇ ਦਾ ਦਾਅਵਾ

ਕੀਵ, 4 ਜੁਲਾਈ - ਰੂਸੀ ਰੱਖਿਆ ਮੰਤਰੀ ਅਤੇ ਫ਼ੌਜ ਨੇ ਯੂਕਰੇਨ ਦੇ ਲੁਹਾਂਸਕ ਸੂਬੇ ਦੇ ਅਹਿਮ ਸ਼ਹਿਰ ਲਿਸੀਚਾਂਸਕ ’ਤੇ ਕਬਜ਼ੇ ਦਾ ਦਾਅਵਾ ਕੀਤਾ ਹੈ। ਇਸ ਨਾਲ ਰੂਸ, ਯੂਕਰੇਨ ਦੇ ਡੋਨਬਾਸ ਖ਼ਿੱਤੇ ’ਤੇ ਕਬਜ਼ੇ ਦੇ ਆਪਣੇ ਮਿਸ਼ਨ ’ਚ ਕਾਮਯਾਬ ਹੋਣ ਨੇੜੇ ਪੁੱਜ ਗਿਆ ਹੈ। ਰੂਸੀ ਖ਼ਬਰ ਏਜੰਸੀਆਂ ਮੁਤਾਬਕ ਰੱਖਿਆ ਮੰਤਰੀ ਸੇਰਗੇਈ ਸ਼ੋਇਗੂ ਨੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਦੱਸਿਆ ਕਿ ਰੂਸੀ ਫ਼ੌਜ ਨੇ ਸਥਾਨਕ ਵੱਖਵਾਦੀ ਗੁੱਟਾਂ ਨਾਲ ਮਿਲ ਕੇ ਲਿਸੀਚਾਂਸਕ ਸ਼ਹਿਰ ’ਤੇ ਕਬਜ਼ਾ ਕਰ ਲਿਆ ਹੈ। ਯੂਕਰੇਨੀ ਫ਼ੌਜ ਨੇ ਲਿਸੀਚਾਂਸਕ ਨੂੰ ਰੂਸ ਦੇ ਕਬਜ਼ੇ ’ਚ ਜਾਣ ਤੋਂ ਰੋਕਣ ਲਈ ਪੂਰੀ ਮਿਹਨਤ ਕੀਤੀ ਸੀ। ਰਾਸ਼ਟਰਪਤੀ ਦੇ ਸਲਾਹਕਾਰ ਨੇ ਸ਼ਨਿਚਰਵਾਰ ਨੂੰ ਸੰਭਾਵਨਾ ਜਤਾਈ ਸੀ ਕਿ ਕੁਝ ਦਿਨਾਂ ਦੇ ਅੰਦਰ ਹੀ ਸ਼ਹਿਰ ਹੱਥੋਂ ਨਿਕਲ ਸਕਦਾ ਹੈ। ਓਲੈਕਸੀ ਆਰਸਟੋਵਿਚ ਨੇ ਆਨਲਾਈਨ ਇੰਟਰਵਿਊ ’ਚ ਕਿਹਾ ਕਿ ਰੂਸੀ ਫ਼ੌਜ ਦਰਿਆ ਨੂੰ ਪਾਰ ਕਰਕੇ ਲਿਸੀਚਾਂਸਕ ’ਚ ਦਾਖ਼ਲ ਹੋ ਚੁੱਕੀ ਹੈ। ਉਂਜ ਯੂਕਰੇਨ ਦੇ ਅਧਿਕਾਰੀਆਂ ਨੇ ਸ਼ਹਿਰ ਦੀ ਸਥਿਤੀ ਬਾਰੇ ਕੋਈ ਫੌਰੀ ਪ੍ਰਤੀਕਰਮ ਨਹੀਂ ਦਿੱਤਾ ਹੈ। ਲੁਹਾਂਸਕ ਦੇ ਗਵਰਨਰ ਨੇ ਐਤਵਾਰ ਨੂੰ ਕਿਹਾ ਕਿ ਰੂਸੀ ਫ਼ੌਜ ਵੱਲੋਂ ਸੂਬੇ ਦੇ ਆਖਰੀ ਗੜ੍ਹ ਨੂੰ ਕਬਜ਼ੇ ’ਚ ਲੈਣ ਲਈ ਆਪਣੀ ਸਥਿਤੀ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ‘ਰੂਸੀ ਫ਼ੌਜ ਨੂੰ ਭਾਵੇਂ ਭਾਰੀ ਨੁਕਸਾਨ ਹੋਇਆ ਹੈ ਪਰ ਉਹ ਲਿਸੀਚਾਂਸਕ ’ਚ ਲਗਾਤਾਰ ਅੱਗੇ ਵਧਦੀ ਜਾ ਰਹੀ ਹੈ।’ ਲਿਸੀਚਾਂਸਕ ’ਤੇ ਕਬਜ਼ੇ ਮਗਰੋਂ ਰੂਸੀ ਫ਼ੌਜ ਦਾ ਦੋਨੇਤਸਕ ਸੂਬੇ ਵੱਲ ਜਾਣ ਦਾ ਰਾਹ ਖੁੱਲ੍ਹ ਜਾਵੇਗਾ। ਰੂਸ ਦੇ ਕਬਜ਼ੇ ਵਾਲੇ ਮੇਲਿਟੋਪੋਲ ਦੇ ਜਲਾਵਤਨੀ ਮੇਅਰ ਨੇ ਦਾਅਵਾ ਕੀਤਾ ਕਿ ਯੂਕਰੇਨੀ ਰਾਕੇਟਾਂ ਨੇ ਰੂਸੀ ਫ਼ੌਜ ਦੇ ਚਾਰ ਟਿਕਾਣਿਆਂ ’ਚੋਂ ਇਕ ਨੂੰ ਤਬਾਹ ਕਰ ਦਿੱਤਾ ਹੈ। ਰੂਸੀ ਰੱਖਿਆ ਮੰਤਰਾਲੇ ਨੇ ਵੀ ਕਿਹਾ ਕਿ ਯੂਕਰੇਨ ਨੇ ਪੱਛਮੀ ਰੂਸ ਦੇ ਸ਼ਹਿਰਾਂ ਕੁਰਸਕ ਅਤੇ ਬੇਲਗੋਰੋਡ ’ਤੇ ਮਿਜ਼ਾਈਲ ਤੇ ਡਰੋਨ ਹਮਲੇ ਕੀਤੇ ਪਰ ਉਨ੍ਹਾਂ ਨੂੰ ਡੇਗ ਲਿਆ ਗਿਆ। ਕੁਰਸਕ ਦੇ ਖੇਤਰੀ ਗਵਰਨਰ ਰੋਮਨ ਸਟਾਰੋਵੋਇਟ ਨੇ ਕਿਹਾ ਕਿ ਯੂਕਰੇਨ ਦਾ ਸਰਹੱਦੀ ਇਲਾਕਾ ਟੇਟਕਿਨੋ ਮੋਰਟਾਰ ਹਮਲੇ ਹੇਠ ਆਇਆ। ਬੇਲਾਰੂਸ ਨੇ ਵੀ ਦਾਅਵਾ ਕੀਤਾ ਕਿ ਕੁਝ ਦਿਨ ਪਹਿਲਾਂ ਉਨ੍ਹਾਂ ਦੇ ਇਲਾਕੇ ’ਚ ਯੂਕਰੇਨ ਵੱਲੋਂ ਮਿਜ਼ਾਈਲਾਂ ਦਾਗ਼ੀਆਂ ਗਈਆਂ ਸਨ। ਰਾਸ਼ਟਰਪਤੀ ਅਲੈਗਜ਼ੈਂਡਰ ਲੁਕਾਸ਼ੇਂਕੋ ਨੇ ਹਮਲੇ ਨੂੰ ਭੜਕਾਹਟ ਦੀ ਕਾਰਵਾਈ ਕਰਾਰ ਦਿੱਤਾ।


No Comment posted
Name*
Email(Will not be published)*
Website