Your Advertisement
ਪੈਰੋਲ ’ਤੇ ਬਾਹਰ ਆਇਆ ਰਾਮ ਰਹੀਮ ਬਹਿਰੂਪੀਆ!

ਰੋਹਤਕ, 4 ਜੁਲਾਈ - ਸਾਧਵੀ ਜਬਰ-ਜਨਾਹ ਮਾਮਲੇ ਵਿੱਚ ਵੀਹ ਸਾਲ ਦੀ ਸਜ਼ਾ ਕੱਟ ਰਹੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ‘ਬਹਿਰੂਪੀਆ’ ਹੋਣ ਬਾਰੇ ਸ਼ਰਧਾਲੂਆਂ ਦੇ ਦਾਅਵੇ ਮਗਰੋਂ ਸੁਨਾਰੀਆ ਜੇਲ੍ਹ ਪ੍ਰਸ਼ਾਸਨ ਦੁਚਿੱਤੀ ਵਿੱਚ ਹੈ। ਸ਼ਰਧਾਲੂਆਂ ਦਾ ਦਾਅਵਾ ਹੈ ਕਿ ਪੈਰੋਲ ’ਤੇ ਬਾਹਰ ਆਇਆ ਰਾਮ ਰਹੀਮ ‘ਬਹਿਰੂਪੀਆ’ ਹੈ ਤੇ ਅਸਲੀ ਰਾਮ ਰਹੀਮ ਨੂੰ ਤਾਂ ਬਹੁਤ ਸਮਾਂ ਪਹਿਲਾਂ ਹੀ ਅਗਵਾ ਕੀਤਾ ਜਾ ਚੁੱਕਾ ਹੈ ਜਾਂ ਫਿਰ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ ਜਾਂ ਫਿਰ ਉਸ ਦੀ ਜਾਨ ਨੂੰ ਖ਼ਤਰਾ ਹੈ। ਇਨ੍ਹਾਂ ਦਾਅਵਿਆਂ ਨੂੰ ਲੈ ਕੇ ਸ਼ਰਧਾਲੂਆਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰਕੇ ਰਾਮ ਰਹੀਮ ਨੂੰ ‘ਬਹਿਰੂਪੀਆ’ ਦੱਸਿਆ ਹੈ। ਹਾਈ ਕੋਰਟ ’ਚ ਹੁਣ ਸੋਮਵਾਰ ਨੂੰ ਇਸ ਮਸਲੇ ’ਤੇ ਸੁਣਵਾਈ ਹੋਵੇਗੀ। ਡੇਰਾ ਮੁਖੀ ਰਾਮ ਰਹੀਮ ਜੇਲ੍ਹ ਵਿਚੋਂ ਮਿਲੀ ਪੈਰੋਲ ਮਗਰੋਂ ਇਸ ਵੇਲੇ ਯੂਪੀ ਦੇ ਬਾਗ਼ਪਤ ਵਿੱਚ ਆਪਣੇ ਹੀ ਡੇਰੇ ’ਤੇ ਪ੍ਰਵਚਨ ਕਰ ਰਿਹਾ ਹੈ। ਇਸੇ ਡੇਰੇੇ ਵਿੱਚ ਸ਼ਰਧਾਲੂਆਂ ਨੂੰ ਰਾਮ ਰਹੀਮ ’ਤੇ ਸ਼ੱਕ ਹੋਇਆ ਸੀ, ਜਿਸ ਮਗਰੋਂ ਉਸ ਦੇ ‘ਬਹਿਰੂਪੀਆ’ ਹੋਣ ਦਾ ਦਾਅਵਾ ਕੀਤਾ ਗਿਆ ਸੀ। ਇਸ ਦਾਅਵੇ ਮਗਰੋਂ ਸੁਨਾਰੀਆ ਜੇਲ੍ਹ ਪ੍ਰਸ਼ਾਸਨ ਰਾਮ ਰਹੀਮ ਦੀ ਕੁੰਡਲੀ ਘੋਖਣ ਵਿੱਚ ਜੁਟ ਗਿਆ ਹੈ। ਅੰਬਾਲਾ ਨਿਵਾਸੀ ਅਸ਼ੋਕ ਤੇ ਹੋਰਨਾਂ ਸ਼ਰਧਾਲੂਆਂ ਨੇ ਰਾਮ ਰਹੀਮ ਦੇ ‘ਬਹਿਰੂਪੀਆ’ ਹੋਣ ਦਾ ਸ਼ੱਕ ਜਤਾਇਆ ਤੇ ਹਾਈ ਕੋਰਟ ਵਿੱਚ ਦਸਤਕ ਦਿੱਤੀ। ਅਦਾਲਤ ਵਿੱਚ ਦਾਇਰ ਅਰਜ਼ੀ ਵਿੱਚ ਸ਼ਰਧਾਲੂਆਂ ਨੇ ਕਿਹਾ ਕਿ ਜਦੋਂ ਉਨ੍ਹਾਂ ਰਾਮ ਰਹੀਮ ਨੂੰ ਵੇਖਿਆ ਤਾਂ ਫ਼ਰਕ ਸਾਫ਼ ਨਜ਼ਰ ਆਇਆ। ਉਨ੍ਹਾਂ ਕਿਹਾ ਕਿ ਰਾਮ ਰਹੀਮ ਬਣਿਆ ਬਾਬਾ ਹੁਣ ਆਪਣੇ ਪੁਰਾਣੇ ਤੋਂ ਪੁਰਾਣੇ ਸ਼ਰਧਾਲੂਆਂ ਨੂੰ ਵੀ ਨਹੀਂ ਪਛਾਣਦਾ ਤੇ ਉਸ ਦੀ ਦਿੱਖ ਵੀ ਪਹਿਲਾਂ ਨਾਲੋਂ ਵੱਖਰੀ ਹੈ। ਇਹੀ ਨਹੀਂ ਡੇਰਾ ਮੁਖੀ ਦੀ ਕੱਦ-ਕਾਠੀ ਵੀ ਵੱਡੀ ਨਜ਼ਰ ਆਉਂਦੀ ਹੈ ਤੇ ਹੱਥਾਂ-ਪੈਰਾਂ ਦੀਆਂ ਉਂਗਲੀਆਂ ’ਚ ਵੀ ਫਰਕ ਹੈ। ਸ਼ਰਧਾਲੂਆਂ ਨੇ ਦਾਅਵਾ ਕੀਤਾ ਕਿ ਡੇਰਾ ਮੁਖੀ ਪੈਰੋਲ ’ਤੇ ਬਾਹਰ ਆਇਆ ਹੀ ਨਹੀਂ ਤੇ ਬਾਗ਼ਪਤ ’ਚ ਪ੍ਰਵਚਨ ਕਰਨ ਵਾਲਾ ਉਸ ਦਾ ‘ਬਹਿਰੂਪੀਆ’ ਹੈ। ਇਸ ਮਾਮਲੇ ਵਿੱਚ ਜੇਲ੍ਹ ਸੁਪਰਡੈਂਟ ਨਾਲ ਸੰਪਰਕ ਨਹੀਂ ਹੋ ਸਕਿਆ, ਪਰ ਇਕ ਹੋਰ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਸਿਰਫ਼ ਇਹੀ ਪਤਾ ਲੱਗਾ ਹੈ ਕਿ ਰਾਮ ਰਹੀਮ ਦੇ ‘ਬਹਿਰੂਪੀਏ’ ਹੋਣ ਬਾਰੇ ਹਾਈ ਕੋਰਟ ਵਿੱਚ ਅਪੀਲ ਦਾਖ਼ਲ ਕੀਤੀ ਗਈ ਹੈ।

No Comment posted
Name*
Email(Will not be published)*
Website