Your Advertisement
ਯੂਕਰੇਨ: ਰੂਸ ਦੇ ਮਿਜ਼ਾਈਲ ਹਮਲੇ ਵਿੱਚ 19 ਹਲਾਕ

ਕੀਵ, 2 ਜੁਲਾਈ - ਯੂਕਰੇਨ ਦੇ ਸ਼ਹਿਰ ਓਡੇਸਾ ਨੇੜਲੇ ਇਲਾਕੇ ਵਿੱਚ ਰਿਹਾਇਸ਼ੀ ਇਮਾਰਤਾਂ ’ਤੇ ਰੂਸ ਵੱਲੋਂ ਕੀਤੇ ਗਏ ਮਿਜ਼ਾਈਲ ਹਮਲੇ ਵਿੱਚ ਘੱਟ ਤੋਂ ਘੱਟ 19 ਵਿਅਕਤੀਆਂ ਦੀ ਮੌਤ ਹੋ ਗਈ। ਇਹ ਹਮਲਾ ਰੂਸੀ ਫ਼ੌਜਾਂ ਦੇ ਕਾਲਾ ਸਾਗਰ ਟਾਪੂ ਤੋਂ ਹਟਣ ਮਗਰੋਂ ਕੀਤਾ ਗਿਆ ਹੈ। ਹਮਲੇ ਦੀ ਵੀਡੀਓ ਵਿੱਚ ਓਡੇਸਾ ਦੇ ਦੱਖਣ-ਪੱਛਣ ਵਿੱਚ ਕਰੀਬ 50 ਕਿਲੋਮੀਟਰ ਦੂਰ ਸਥਿਤ ਛੋਟੇ ਜਿਹੇ ਸ਼ਹਿਰ ਸੇਰਬਿਵਕਾ ਵਿੱਚ ਇਮਾਰਤਾਂ ਦਾ ਮਲਬਾ ਦੇਖਿਆ ਗਿਆ। ਯੂਕਰੇਨ ਦੇ ਰਾਸ਼ਟਰਪਤੀ ਦਫ਼ਤਰ ਅਨੁਸਾਰ ਰੂਸ ਵੱਲੋਂ ਦਾਗੀਆਂ ਗਈਆਂ ਤਿੰਨ ਐਕਸ-22 ਮਿਜ਼ਾਈਲਾਂ ਇੱਕ ਇਮਾਰਤ ਅਤੇ ਦੋ ਕੈਂਪਾਂ ’ਤੇ ਡਿੱਗੀਆਂ। ਰਾਸ਼ਟਰਪਤੀ ਜ਼ੇਲੈਂਸਕੀ ਦੇ ਚੀਫ ਆਫ ਸਟਾਫ ਆਂਦਰੇ ਯਰਮਾਕ ਨੇ ਕਿਹਾ, ‘‘ਇੱਕ ਅਤਿਵਾਦੀ ਦੇਸ਼ ਸਾਡੇ ਲੋਕਾਂ ਦੀ ਹੱਤਿਆ ਕਰ ਰਿਹਾ ਹੈ। ਜੰਗ ਦੇ ਮੈਦਾਨ ਵਿੱਚ ਹਾਰ ਦੇ ਜਵਾਬ ਵਿੱਚ ਉਹ ਨਾਗਰਿਕਾਂ ਨਾਲ ਲੜ ਰਹੇ ਹਨ।’’ ਅਧਿਕਾਰੀਆਂ ਨੇ ਦੱਸਿਆ ਕਿ ਦੋ ਬੱਚਿਆਂ ਸਮੇਤ 19 ਵਿਅਕਤੀਆਂ ਦੀ ਮੌਤ ਹੋਈ ਹੈ। ਇਸ ਤੋਂ ਇਲਾਵਾ ਛੇ ਬੱਚੇ ਅਤੇ ਇੱਕ ਗਰਭਵਰਤੀ ਔਰਤ ਸਮੇਤ 38 ਹੋਰ ਵਿਅਕਤੀ ਹਸਪਤਾਲ ਦਾਖਲ ਹਨ। ਜ਼ਿਆਦਾਤਰ ਪੀੜਤ ਰਿਹਾਇਸ਼ੀ ਇਮਾਰਤ ਵਿੱਚ ਸਨ। ਲੁਹਾਂਸਕ ਦੇ ਗਵਰਨਰ ਸੇਰਹੀ ਹੈਦਈ ਨੇ ਕਿਹਾ ਕਿ ਰੂਸ ਲਿਸਿਚਾਂਸਕ ਸ਼ਹਿਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਸ਼ਹਿਰ ਦੀ ਇੱਕ ਪੁਰਾਣੀ ਤੇਲ ਰਿਫਾਈਨਰੀ ’ਤੇ ਕਬਜ਼ਾ ਕਰਨ ਲਈ ਲੜ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਭਿਆਨਕ ਬੰਬਾਰੀ ਹੋ ਰਹੀ ਹੈ। ਹਾਲਾਂਕਿ ਰੂਸ ਦੇ ਰੱਖਿਆ ਮੰਤਰਾਲੇ ਦੇ ਬੁਲਾਰੇ ਇਗੋਰ ਕੋਨਾਸ਼ੇਨਕੋਵ ਨੇ ਕਿਹਾ ਕਿ ਰੂਸ ਅਤੇ ਲੁਹਾਂਸਕ ਵੱਖਵਾਦੀ ਬਲਾਂ ਨੇ ਰਿਫਾਈਨਰੀ ਸਮੇਤ ਦੋ ਹੋਰ ਥਾਵਾਂ ’ਤੇ ਪਿਛਲੇ ਤਿੰਨ ਦਿਨਾਂ ਤੋਂ ਕਬਜ਼ਾ ਕਰ ਲਿਆ ਹੈ।


No Comment posted
Name*
Email(Will not be published)*
Website